ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ
ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ
ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ
ਜਿੱਥੇ ਵਾਲ ਤਰਸਦੇ ਕੰਘੀਆਂ ਨੂੰ
ਨੱਕ ਵਗਦੇ,ਅੱਖਾਂ ਚੁੰਨ੍ਹੀਆਂ ਤੇ ਦੰਦ ਕਰੇੜੇ,
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ
ਜਿੱਥੇ ਰੂਹ ਬਣਗੀ ਇੱਕ ਹਾਵਾ ਹੈ
ਜਿੱਥੇ ਜ਼ਿੰਦਗੀ ਇੱਕ ਪਛਤਾਵਾ ਹੈ
ਜਿੱਥੇ ਕੈਦ ਅਣਖ਼ ਦਾ ਲਾਵਾ ਹੈ
ਜਿੱਥੇ ਅਕਲ ਮਸੋਸੀ ਮੁੜ ਪਈ ਖਾ ਰੋਜ਼ ਥਪੇੜੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ...
ਜਿੱਥੇ ਲੋਕ ਬੜੇ ਮਜ਼ਬੂਰ ਜਿਹੇ
ਦਿੱਲੀ ਦੇ ਦਿਲ ਤੋਂ ਦੂਰ ਜਿਹੇ
ਤੇ ਭੁੱਖਾਂ ਵਿੱਚ ਮਸ਼ਹੂਰ ਜਿਹੇ
ਜਿੱਥੇ ਮਰ ਕੇ ਚਾਂਭਲ ਜਾਂਵਦੇ ਹਨ ਭੂਤ ਜਠੇਰੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ...
ਜਿੱਥੇ ਬੰਦਾ ਜੰਮਦਾ ਸੀਰੀ ਹੈ
ਟਕਿਆਂ ਦੀ ਮੀਰੀ ਪੀਰੀ ਹੈ
ਜਿੱਥੇ ਕਰਜ਼ੇ ਹੇਠ ਪੰਜੀਰੀ ਹੈ
ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਜਿਹੜੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ...
ਜਿੱਥੇ ਹਾਰ ਮੰਨ ਲਈ ਚਾਵਾਂ ਨੇ
ਜਿੱਥੇ ਕੂੰਜ ਘੇਰ ਲਈ ਕਾਵਾਂ ਨੇ
ਜਿੱਥੇ ਅਣਵਿਆਹੀਆਂ ਹੀ ਮਾਵਾਂ ਨੇ
ਜਿੱਥੇ ਧੀਆਂ ਹੌਕੇ ਲੈਂਦੀਆਂ ਅਸਮਾਨ ਜਡੇਰੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ...
ਜੇ ਸੋਕਾ ਇਹ ਹੀ ਸੜਦੇ ਨੇ
ਜੇ ਡੋਬਾ ਇਹ ਹੀ ਮਰਦੇ ਨੇ
ਸਭ ਕਹਿਰ ਇਹਨਾਂ ਸਿਰ ਵਰਦੇ ਨੇ
ਜਿੱਥੇ ਫ਼ਸਲਾਂ ਨੇ ਛੱਡ ਜਾਂਦੀਆਂ ਅਰਮਾਨ ਤਰੇੜੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ..
ਜਿੱਥੇ ਰੋਟੀ ਵਿੱਚ ਮਨ ਘੁੱਟਿਆ ਹੈ
ਜਿੱਥੇ ਨ੍ਹੇਰਾ ਦੱਬ ਕੇ ਜੁਟਿਆ ਹੈ
ਜਿੱਥੇ ਗ਼ੈਰਤ ਦਾ ਤਗ ਟੁੱਟਿਆ ਹੈ
ਜਿੱਥੇ ਆ ਕੇ ਵੋਟਾਂ ਵਾਲਿਆਂ ਟਟਵੈਰ ਸਹੇੜੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ..
ਤੂੰ ਆਪਣਾ ਆਪ ਮਚਾਂਦਾ ਹੈਂ
ਪਰ ਆਪਾ ਹੀ ਰੁਸ਼ਨਾਂਦਾ ਹੈਂ
ਕਿਉਂ ਕੰਮੀਆਂ ਤੋਂ ਸ਼ਰਮਾਂਦਾ ਹੈਂ
ਇਹ ਸਦਾ ਸਦਾ ਨਾ ਰਹਿਣਗੇ ਮੰਦਹਾਲ ਮਰੇੜੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ...
ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ...
No comments:
Post a Comment