Saturday, 21 April 2012

"ਹਨ੍ਹੇਰੀਆਂ ਦੇ ਨਾਮ"

ਆਓ ਨੀਂ ਹਨ੍ਹੇਰੀਓ-ਜਾਓ ਨੀਂ ਹਨ੍ਹੇਰੀਓ,
ਲੈ ਜਾਓ ਉਡਾਕੇ ਮੇਰਾ ਪਿਆਰ..
ਏਸ ਨੂੰ ਉਡਾਕੇ ਝੋਲ੍ਹੀ ਪਾਉਣਾਂ ਓਸ ਅਬਲਾ ਦੀ,
ਜੀਹਦੀ ਲੁੱਟੀ ਗਈ ਏ ਬਹਾਰ..
ਲੈ ਜਾਓ ਉਡਾਕੇ ਮੇਰਾ ਪਿਆਰ,
ਲੈ ਜਾਓ ਉਡਾਕੇ ਮੇਰਾ ਪਿਆਰ..||

ਸਮਿਆਂ ਦੇ ਗਲ੍ਹ ਜਿੱਥੇ ਫੜੇ ਨੇਂ ਗਲੇਡੂਆਂ ਨੇਂ,
ਉੱਚੀ ਕੋਈ ਸਾਹ ਨਾਂ ਭਰੇ..
ਅੱਗ ਨੀਂ ਮਚਾਕੇ ਜਿੱਥੇ ਸੱਸੀ ਦਿਆਂ ਪੈਰਾਂ ਹੇਠਾਂ,
ਜੱਗ ਭੈੜਾ ਸੇਕਿਆ ਕਰੇ..
ਜਿੱਥੇ ਬਲੀਦਾਨ ਹੁੰਦਾ ਕੋਇਲ ਨੀਂ ਵਿਚਾਰੜੀ ਦਾ,
ਕਾਲਿਆਂ ਕਾਵਾਂ ਦੇ ਵਿਚਕਾਰ..
ਲੈ ਜਾਓ ਉਡਾਕੇ ਮੇਰਾ ਪਿਆਰ,
ਲੈ ਜਾਓ ਉਡਾਕੇ ਮੇਰਾ ਪਿਆਰ..||

ਅੰਬਰਾਂ ਚ’ ਜਿੱਥੇ ਮਗ਼ਰੂਰ ਕੋਈ ਬੱਦਲੀ ਨੀਂ,
ਇੱਕੋ ਘੁੱਟ ਚੰਨ ਦੀ ਭਰੇ..
ਕਿਰਤਾਂ ਦੀ ਆਕੇ ਨੀਂ ਅੰਗੂਰੀ ਜਿੱਥੇ ਵਿਹਲੜਾਂ ਦਾ,
ਚੋਰੀ-ਚੋਰੀ ਵੱਗ ਨੀਂ ਚਰ੍ਹੇ..
ਜ਼ਿੰਦਗੀ ਦੀ ਬਾਜ਼ੀ ਜਿੱਥੇ ਪੈਸਿਆਂ ਦੇ ਦੌਰ ਵਿੱਚ,
ਜਿੱਤ ਕੇ ਵੀ ਜਾਂਦਾ ਕੋਈ ਹਾਰ..
ਲੈ ਜਾਓ ਉਡਾਕੇ ਮੇਰਾ ਪਿਆਰ,
ਲੈ ਜਾਓ ਉਡਾਕੇ ਮੇਰਾ ਪਿਆਰ..||

No comments:

Post a Comment