Saturday, 21 April 2012

"ਮਰਦਾਨੇ ਨੂੰ ਮਰਦਾਨਣ ਦਾ ਖ਼ਤ"

ਅਜੇ ਹੋਇਆ ਨਾਂ ਨਜ਼ਾਰਾ ਤੇਰੇ ਦੀਦ ਦਾ,
ਅਸੀਂ ਮਸਾਂ ਹੈ ਲੰਘਾਇਆ ਚੰਨ ਈਦ ਦਾ..||

ਵੇ! ਓਹ ਧਨੀਆਂ ਦਾ ਪੁੱਤ, ਪੁੱਟ ਦੇਵੇ ਮੇਰੀ ਗੁੱਤ
ਜੇ ਮੈਂ ਆਖਾਂ ਨਾਨਕ ਨੇਂ ਸਾਨੂੰ ਹੈ ਉਜਾੜਿਆ..
ਬੇਬੇ ਨਾਨਕੀ ਕੀ ਜਾਣੇ, ਮੈਂ ਤਾਂ ਐਵੇਂ ਓਹਦੇ ਭਾਣੇ
ਭੁੱਖ-ਦੁੱਖ ਦਾ ਉਲਾਂਭਾ ਓਹਦੇ ਸਿਰ ਚਾੜ੍ਹਿਆ..
ਦਿਲ ਤ੍ਰਿਪਤਾ ਦਾ ਨਹੀਂ ਵੇ ਪਸੀਜਦਾ..
ਅਜੇ ਹੋਇਆ ਨਾਂ ਨਜ਼ਾਰਾ ਤੇਰੇ ਦੀਦ ਦਾ,
ਅਸੀਂ ਮਸਾਂ ਹੈ ਲੰਘਾਇਆ ਚੰਨ ਈਦ ਦਾ..||

ਮਿਲੇ ਆਨਾ ਨਾਂ ਉਧਾਰ, ਬਾਬੇ ਕਾਲੂ ਦੇ ਦੁਆਰ
ਕੀ ਮੈਂ ਦੱਸਾਂ ਓਹ ਹੈ ਆਖਰਾਂ ਦੇ ਸੂਮ ਵੇ..
ਕੱਢਾਂ ਜਦੋਂ ਮੈਂ ਭੜ੍ਹਾਸ, ਜਾ ਸੁੱਲਖਣੀਂ ਦੇ ਪਾਸ
ਕਹਿੰਦੀ ਕਿੱਧਰੇ ਨੀਂ ਜਾਂਦਾ ਤੇਰਾ ਡੂੰਮ ਵੇ..
ਸਾਡਾ ਲਾਰਿਆਂ ਤੇ ਚਿੱਤ ਨਾਂ ਪਸੀਜਦਾ..
ਅਜੇ ਹੋਇਆ ਨਾਂ ਨਜ਼ਾਰਾ ਤੇਰੇ ਦੀਦ ਦਾ,
ਅਸੀਂ ਮਸਾਂ ਹੈ ਲੰਘਾਇਆ ਚੰਨ ਈਦ ਦਾ..||

ਭੁੱਖੀ ਮਾਤਾ ਅਧਮੋਈ, ਅੰਨ੍ਹੀ ਅੱਖੀਆਂ ਤੋਂ ਹੋਈ
ਤੇਰੇ ਬਾਪ ਦਿਆਂ ਗੋਡਿਆਂ ਚ’ ਪੀੜ੍ਹ ਵੇ..
ਤੇਰੀ ਕੋਠੇ ਜਿੱਡੀ ਭੈਣ, ਮਤੇ ਬਿੱਜਾਂ ਉਹਨੂੰ ਪੈਣ
ਅਜੇ ਹੋਇਆ ਨਾਂ ਜੁਆਨ ਤੇਰਾ ਵੀਰ ਵੇ..
ਪੈਸਾ ਰੂਪ ਨੂੰ ਹੈ ਅੱਜ ਵੀ ਖਰੀਦਦਾ..
ਅਜੇ ਹੋਇਆ ਨਾਂ ਨਜ਼ਾਰਾ ਤੇਰੇ ਦੀਦ ਦਾ,
ਅਸੀਂ ਮਸਾਂ ਹੈ ਲੰਘਾਇਆ ਚੰਨ ਈਦ ਦਾ..||

ਚੜ੍ਹੇ ਵਿਹੜੇ ਵਿੱਚ ਚੰਦ, ਲਖਮੀਂ ਤੇ ਸ਼੍ਰੀ ਚੰਦ
ਜਦੋਂ ਹੁੰਦੇ ਨੇਂ ਸੁਲੱਖਣੀਂ ਦੇ ਕੋਲ ਵੇ..
ਤੂੰ ਕੀ ਜਾਣੇ ਅਨਜਾਣਾਂ, ਕੀ ਹੈ ਸੋਚਦਾ ਜ਼ਮਾਨਾਂ
ਸੁੰਨੀ ਹੋਵੇ ਬਾਲ ਬਾਝੋਂ ਜਦੋ ਝੋਲ ਵੇ..
ਕਾਸਾ ਭਰਨਾਂ ਹੈ ਕਦੋਂ ਮੇਰੀ ਰੀਝ ਦਾ..
ਅਜੇ ਹੋਇਆ ਨਾਂ ਨਜ਼ਾਰਾ ਤੇਰੇ ਦੀਦ ਦਾ,
ਅਸੀਂ ਮਸਾਂ ਹੈ ਲੰਘਾਇਆ ਚੰਨ ਈਦ ਦਾ..||

"ਹਨ੍ਹੇਰੀਆਂ ਦੇ ਨਾਮ"

ਆਓ ਨੀਂ ਹਨ੍ਹੇਰੀਓ-ਜਾਓ ਨੀਂ ਹਨ੍ਹੇਰੀਓ,
ਲੈ ਜਾਓ ਉਡਾਕੇ ਮੇਰਾ ਪਿਆਰ..
ਏਸ ਨੂੰ ਉਡਾਕੇ ਝੋਲ੍ਹੀ ਪਾਉਣਾਂ ਓਸ ਅਬਲਾ ਦੀ,
ਜੀਹਦੀ ਲੁੱਟੀ ਗਈ ਏ ਬਹਾਰ..
ਲੈ ਜਾਓ ਉਡਾਕੇ ਮੇਰਾ ਪਿਆਰ,
ਲੈ ਜਾਓ ਉਡਾਕੇ ਮੇਰਾ ਪਿਆਰ..||

ਸਮਿਆਂ ਦੇ ਗਲ੍ਹ ਜਿੱਥੇ ਫੜੇ ਨੇਂ ਗਲੇਡੂਆਂ ਨੇਂ,
ਉੱਚੀ ਕੋਈ ਸਾਹ ਨਾਂ ਭਰੇ..
ਅੱਗ ਨੀਂ ਮਚਾਕੇ ਜਿੱਥੇ ਸੱਸੀ ਦਿਆਂ ਪੈਰਾਂ ਹੇਠਾਂ,
ਜੱਗ ਭੈੜਾ ਸੇਕਿਆ ਕਰੇ..
ਜਿੱਥੇ ਬਲੀਦਾਨ ਹੁੰਦਾ ਕੋਇਲ ਨੀਂ ਵਿਚਾਰੜੀ ਦਾ,
ਕਾਲਿਆਂ ਕਾਵਾਂ ਦੇ ਵਿਚਕਾਰ..
ਲੈ ਜਾਓ ਉਡਾਕੇ ਮੇਰਾ ਪਿਆਰ,
ਲੈ ਜਾਓ ਉਡਾਕੇ ਮੇਰਾ ਪਿਆਰ..||

ਅੰਬਰਾਂ ਚ’ ਜਿੱਥੇ ਮਗ਼ਰੂਰ ਕੋਈ ਬੱਦਲੀ ਨੀਂ,
ਇੱਕੋ ਘੁੱਟ ਚੰਨ ਦੀ ਭਰੇ..
ਕਿਰਤਾਂ ਦੀ ਆਕੇ ਨੀਂ ਅੰਗੂਰੀ ਜਿੱਥੇ ਵਿਹਲੜਾਂ ਦਾ,
ਚੋਰੀ-ਚੋਰੀ ਵੱਗ ਨੀਂ ਚਰ੍ਹੇ..
ਜ਼ਿੰਦਗੀ ਦੀ ਬਾਜ਼ੀ ਜਿੱਥੇ ਪੈਸਿਆਂ ਦੇ ਦੌਰ ਵਿੱਚ,
ਜਿੱਤ ਕੇ ਵੀ ਜਾਂਦਾ ਕੋਈ ਹਾਰ..
ਲੈ ਜਾਓ ਉਡਾਕੇ ਮੇਰਾ ਪਿਆਰ,
ਲੈ ਜਾਓ ਉਡਾਕੇ ਮੇਰਾ ਪਿਆਰ..||

"ਗਜ਼ਲ"

ਨਹੀਂ ਚਿਹਰੇ ਉਦਾਸ ਦੇਖਾਂਗੇ,
ਤੇਰਾ ਜ਼ਿੰਦਗੀ ਹੁਲਾਸ ਦੇਖਾਂਗੇ..||

ਸਾਡੇ ਮਰਨੇਂ ਦੀ ਖਬਰ ਦਾ ਕੀ ਬਣਿਆਂ,
ਤੇਰੇ ਪਿੰਡ ਦਾ ਜਲਾਸ ਦੇਖਾਂਗੇ..||

ਹਾਂ , ਜੜੋ ਕਲੀ ਦੇ ਸਿਰ ਕਸੀਰ ਜੜੋ,
ਕਾਲੇ ਭੇਡੂ ਨਿਰਾਸ਼ ਦੇਖਾਂਗੇ..||

ਤੇਰੀ ਚਿੰਤਾ ਦੇ ਜ਼ਹਿਰ ਨੂੰ ਪੀਕੇ ਵੀ,
ਤੇਰੇ ਮਨ ਦਾ ਮਿਠਾਸ ਦੇਖਾਂਗੇ..||

ਪਹਿਲਾਂ ਧਰਤੀ ਦੇ ਸਾਰੇ ਚਿੱਬ ਕੱਢ ਕੇ,
ਤੇਰੀ ਝਾਂਜਰ ਦੀ ਰਾਸ ਦੇਖਾਂਗੇ..||

ਅਸੀਂ ਆਪਣੇ ਲਹੂ ਦੀ ਚਰਗਲ੍ਹ ਤੇ,
ਤੇਰੇ ਦਿਲ ਦਾ ਭੜਾਸ ਦੇਖਾਂਗੇ..||

"ਇੱਕ ਸ਼ਰਧਾਂਜਲੀ - ਇੱਕ ਲਲਕਾਰ"

ਚੜ੍ਹਨ ਵਾਲਿਓ ਹੱਕਾਂ ਦੀ ਭੇਟ ਉੱਤੇ,
ਥੋਨੂੰ ਸ਼ਰਧਾ ਦੇ ਫੁੱਲ ਚੜ੍ਹਾਉਣ ਲੱਗਿਐਂ..
ਥੋਡੀ ਯਾਦ ਵਿੱਚ ਬੈਠ ਕੇ ਦੋ-ਘੜੀਆਂ,
ਇੱਕ-ਦੋ ਪਿਆਰ ਦੇ ਹੰਝੂ ਬਹਾਉਣ ਲੱਗਿਐਂ..||

ਥੋਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ,
ਮੁੱਢ ਬੰਨ੍ਹਿਐਂ ਤੁਸੀਂ ਕਹਾਣੀਆਂ ਦਾ..
ਸੌਂਹ ਖਾਂਦੇ ਹਾਂ ਅਸੀਂ ਜਵਾਨੀਆਂ ਦੀ,
ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ..||

ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋਂ,
ਬਲ੍ਹਦੀ ਚਿਖਾ ਹੁਣ ਠੰਡੀ ਨੀਂ ਹੋਣ ਦੇਣੀਂ..
ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ,
ਲਹਿਰ ਹੱਕਾਂ ਦੀ ਰੰਡੀ ਨੀਂ ਹੋਣ ਦੇਣੀਂ..||

ਖੇਡਣ ਜਾਣਦੇ ਹੜ੍ਹਾਂ ਦੀ ਹਿੱਕ ਅੰਦਰ,
ਸਿਰੀਂ ਜ਼ੁਲਮ ਦੀ ਝੰਡੀ ਨੀਂ ਹੋਣ ਦੇਣੀਂ,
ਸਾਮਰਾਜ ਦੀ ਮੰਡੀ ਜੇ ਹਿੰਦ ਹੋਇਆ,
ਹੁਣ ਇਹ ਲੋਕਾਂ ਦੀ ਮੰਡੀ ਨੀਂ ਹੋਣ ਦੇਣੀਂ..||

"ਹੁਣ ਤੁਹਾਡੀ ਯਾਦ ਵਿੱਚ "

ਹੁਣ ਤੁਹਾਡੀ ਯਾਦ ਵਿੱਚ ਨਾਂ ਸਾਥੀਓ ਰੋਵਾਂਗਾ ਮੈਂ,
ਬਚਦਿਆਂ ਹੰਝੂਆਂ ਚ’ ਉਚੜੇ ਚਿਹਰੇ ਕੁਝ ਧੋਵਾਂਗਾ ਮੈਂ..||

ਮੈਂ ਨਹੀਂ ਪਰਖਾਂਗਾ ਸ਼ੁਹਦੀ ਸੱਜ ਵਿਆਹੀ ਦਾ ਮਿਜ਼ਾਜ,
ਪੈਰ ਦੀ ਝਾਂਜਰ ਚ’ ਜਿਸ ਦੇ ਵੀਰ ਦੇ ਸਿਰ ਦਾ ਵਿਆਜ..
ਸੱਗੀਆਂ ਦੀ ਠੂਠੀ ਚੋਂ ਕੋਠੀ ਸੇਠ ਦੀ ਖੋਹਾਂਗਾ ਮੈਂ..
ਹੁਣ ਤੁਹਾਡੀ ਯਾਦ ਵਿੱਚ ਨਾਂ ਸਾਥੀਓ ਰੋਵਾਂਗਾ ਮੈਂ,
ਬਚਦਿਆਂ ਹੰਝੂਆਂ ਚ’ ਉਚੜੇ ਚਿਹਰੇ ਕੁਝ ਧੋਵਾਂਗਾ ਮੈਂ..||

ਟਿੱਬਿਆਂ ਤੇ ਪਹਿਲਾਂ ਬੜ੍ਹੀ ਹੀ ਅੱਥਰੂਆਂ ਦੀ ਹੈ ਸਲ੍ਹਾਬ,
ਹੁਣ ਤਾਂ ਊਣੇ ਵੀ ਰਹੇ ਨਾਂ ਮੇਰੇ ਸਤਲੁਜ ਤੇ ਚਨਾਬ..
ਢਲ ਰਹੇ ਪਰਛਾਵਿਆਂ ਤੋਂ ਆਪਣੀ ਲੋਅ ਖੋਹਾਂਗਾ ਮੈਂ..
ਹੁਣ ਤੁਹਾਡੀ ਯਾਦ ਵਿੱਚ ਨਾਂ ਸਾਥੀਓ ਰੋਵਾਂਗਾ ਮੈਂ,
ਬਚਦਿਆਂ ਹੰਝੂਆਂ ਚ’ ਉਚੜੇ ਚਿਹਰੇ ਕੁਝ ਧੋਵਾਂਗਾ ਮੈਂ..||

ਮੈਂ ਜਿੰਨ੍ਹਾਂ ਦੀ ਅੱਖ ਦੇ ਅੰਦਰ ਰੜ੍ਹਕਦਾ ਇੱਕ ਰੋੜ ਹਾਂ,
ਮੈਂ ਜਿੰਨ੍ਹਾਂ ਦੀ ਐਸ਼ ਦੀ ਤਾਂ ਇੱਕ ਜ਼ਰੂਰੀ ਲੋੜ ਹਾਂ..
ਉਨ੍ਹਾਂ ਦੇ ਮੂੰਹਾਂ ਦੀ ਲਾਲੀ ਕੰਮੀਆਂ ਤੇ ਚੋਆਂਗਾ ਮੈਂ..
ਹੁਣ ਤੁਹਾਡੀ ਯਾਦ ਵਿੱਚ ਨਾਂ ਸਾਥੀਓ ਰੋਵਾਂਗਾ ਮੈਂ,
ਬਚਦਿਆਂ ਹੰਝੂਆਂ ਚ’ ਉਚੜੇ ਚਿਹਰੇ ਕੁਝ ਧੋਵਾਂਗਾ ਮੈਂ..||

Thursday, 19 April 2012

ਵਸੀਅਤ (Meri Maut Te Na Royeo)

ਮੇਰੀ ਮੌਤ 'ਤੇ ਨਾ ਰੋਇਓ,ਮੇਰੀ ਸੋਚ ਨੂੰ ਬਚਾਇਓ
ਮੇਰੇ ਲਹੂ ਦਾ ਕੇਸਰ, ਰੇਤੇ 'ਚ ਨਾ ਰਲਾਇਓ

ਮੇਰੀ ਵੀ ਜ਼ਿੰਦਗੀ ਕੀ ? ਬਸ ਬੂਰ ਸਰਕੜੇ ਦਾ,
ਆਹਾਂ ਦਾ ਸੇਕ ਕਾਫ਼ੀ,ਤੀਲੀ ਬੇਸ਼ੱਕ ਨਾ ਲਾਇਓ

ਹੋਣਾ ਨਹੀਂ ਮੈਂ ਚਾਹੁੰਦਾ,ਸੜ ਕੇ ਸੁਆਹ ਇਕੇਰਾਂ
ਜਦ ਜਦ ਢਲੇਗਾ ਸੂਰਜ,ਕਣ ਕਣ ਮੇਰਾ ਜਲਾਇਓ


ਵਲਗਣ 'ਚ ਕੈਦ ਹੋਣਾ,ਮੇਰੇ ਨਹੀਂ ਮੁਆਫ਼ਕ
ਯਾਰਾਂ ਦੇ ਵਾਂਗ ਅਰਥੀ,ਸੜਕਾਂ 'ਤੇ ਹੀ ਜਲਾਇਓ


ਜੀਵਨ ਤੋਂ ਮੌਤ ਤਾਈਂ,ਆਉਂਦੇ ਬੜੇ ਚੁਰਾਹੇ
ਜਿਸਦਾ ਹੈ ਪੰਧ ਬਿਖੜਾ, ਓਸੇ ਹੀ ਰਾਹ ਲਿਜਾਇਓ